‘ਦੀਵਾਲੀ ਧਮਾਕਾ-2018’ ਦੌਰਾਨ ਲੱਗੀਆਂ ਰੌਣਕਾਂ

‘ਦੀਵਾਲੀ ਧਮਾਕਾ-2018’ ਦੌਰਾਨ ਲੱਗੀਆਂ ਰੌਣਕਾਂ

ਸੱਭਿਆਚਾਰਕ ਪ੍ਰੋਗਰਾਮ ਦਾ ਫਰਿਜ਼ਨੋ ਡਰੀਮਜ਼ ਦਾ ਸੁਪਨਾ ਸਾਕਾਰ
ਫਰਿਜ਼ਨੋ/ਕੁਲਵੰਤ ਧਾਲੀਆਂ, ਨੀਟਾ ਮਾਛੀਕੇ :
ਰੋਜ਼ਾਨਾ ਕੰਮਾਂ-ਕਾਰਾ ਦੇ ਰੁਝੇਵਿਆਂ ਵਿਚ ਰੁੱਝੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਹਮੇਸ਼ਾ ਤਾਂਘ ਰਹਿੰਦੀ ਹੈ ਕਿ ਚੰਗੇ ਸਾਹਿਤਕ ਅਤੇ ਪਰਿਵਾਰਕ ਵੰਨਗੀ ਦੇ ਗੀਤਾਂ ਨੂੰ ਸੁਣਿਆ ਜਾਵੇ। ਭਾਰਤ ਤੋਂ ਬੁਲਾਏ ਕਲਾਕਾਰ ਬਹੁਤੀ ਵਾਰ ਉਨ੍ਹਾਂ ਦੀਆਂ ਉਮੀਦਾਂ ‘ਤੇ ਪੂਰੇ ਨਹੀਂ ਉਤਰਦੇ।ਇਸੇ ਲਈ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਸੁਪਨੇ ਨੂੰ ਆਸੀਆਨਾ ਟਰੈਵਲ”ਦੇ ਸੰਸਥਾਪਕ ਤਰਨਜੀਤ ਸਿੰਘ ਦੁਆਰਾ ਜਸਵੰਤ ਮਹਿੰਮੀ ਦੇ ਸਹਿਯੋਗ ਨਾਲ ਬਣਾਏ ਗਰੁੱਪ ‘ਫਰਿਜ਼ਨੋ ਡਰੀਮਜ਼’ ਦੇ ਕਲਾਕਾਰਾਂ ਨੇ ਆਪਣੇ ਪਲੇਠੇ ਪ੍ਰੋਗਰਾਮ ‘ਦੀਵਾਲੀ ਧਮਾਕਾ’ ਰਾਹੀ ਸਾਕਾਰ ਕੀਤਾ।
ਇਲਾਕੇ ਦਾ ਇਹ ਪਹਿਲਾ ਅਜਿਹਾ ਪ੍ਰੋਗਰਾਮ ਸੀ, ਜਿਸ ਨੂੰ ਫਰਿਜ਼ਨੋ ਦੇ ‘ਵੈਟਰਨ ਮੈਮੋਰੀਅਲ ਆਡੀਉਟੋਰੀਅਮ’ ਵਿਚ ਕਰਵਾਇਆ ਗਿਆ। ਇਸੇ ਤਰ੍ਹਾਂ ਇਹ ਇਲਾਕੇ ਦਾ ਸਫਲ ਪਹਿਲਾ ਪ੍ਰੋਗਰਾਮ ਰਿਹਾ ਜਿਸ ਵਿੱਚ ਸਾਢੇ ਚਾਰ ਘੰਟੇ ਤੋਂ ਵਧੀਕ ਬੈਠ ਸ੍ਰੋਤਿਆਂ ਨੇ ਗਾਇਕੀ ਦਾ ਭਰਪੂਰ ਅਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਨੇ ਕੀਤੀ। ਉਪਰੰਤ ਸੱਤ ਸਾਲ ਦੇ ਛੋਟੇ ਬੱਚੇ ਅਮਨਜੋਤ ਨੇ ਆਪਣੀ ਗਾਇਕੀ ਨਾਲ ਸਭ ਦਾ ਮਨ ਮੋਹ ਲਿਆ। ਅਦਾਕਾਰਾ ਸਾਹਿਬਾਂ ਨੇ ਸਟੇਜ ਤੋਂ ਪੇਸ਼ਕਾਰੀ ਕਰਦੇ ਹੋਏ ਆਪਣੇ ਗੀਤਾਂ ‘ਤੇ ਅਦਾਕਾਰੀ ਰਾਹੀਂ ਬਾਲੀਵੁੱਡ ਦਾ ਰੰਗ ਪੇਸ਼ ਕੀਤਾ। ਇਸ ਤੋਂ ਬਾਅਦ ਚੱਲਿਆ ਪੰਜਾਬੀ ਗਾਇਕੀ ਦਾ ਖੁੱਲਾ ਅਖਾੜਾ, ਜਿਸ ਵਿਚ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ, ਅਕਾਸ਼ਦੀਪ ਅਕਾਸ਼, ਗਾਇਕਾ ਜੋਤ ਰਣਜੀਤ, ਰਾਜੇਸ਼ ਰਾਜੂ, ਅਵਤਾਰ ਗਰੇਵਾਲ, ਬੱਲੂ ਸਿੰਘ, ਸੁਰਜੀਤ ਮਾਛੀਵਾੜਾ, ਗੀਤਕਾਰ ਸੁੱਖਪਾਲ ਔਜਲਾ, ਸੰਗੀਤਕਾਰ ਜੱਸ ਵਡਾਲੀ ਆਦਿ ਨੇ ਸੱਭਿਆਚਾਰਕ ਗੀਤਾਂ ਰਾਹੀ ਖੂਬ ਰੰਗ ਬੰਨ੍ਹਿਆ।ਪ੍ਰੋਗਰਾਮ ਦਾ ਅੰਤ ਗਾਇਕਾਂ ਅਤੇ ਪ੍ਰਬੰਧਕਾਂ ਨੇ ਰਲ ਬੋਲੀਆਂ ਪਾਉਂਦੇ ਹੋਏ ਖ਼ੁਸ਼ੀ-ਖੁਸ਼ੀ ਕੀਤਾ। ਅੰਤ ਵਿਚ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਤਰਨਜੀਤ ਨੇ ਸਮੂਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਇਸੇ ਪ੍ਰੋਗਰਾਮ ਦੌਰਾਨ ਇਕ ‘ਤਰਕਸ਼ ਏਅਰ ਲਾਈਨ’ ਦੀ ਫਸਟ ਕਲਾਸ ਏਅਰ ਟਿਕਟ, ਇਕ ਇਕਾਨੌਮੀ ਕਲਾਸ ਦੀ ਏਅਰ ਟਿਕਟ, ਦੁਨੀਆ ਦੇ ਕਿਸੇ ਵੀ ਕੋਨੇ ਵਿਚ ਫਾਈਵ ਸਟਾਰ ਹੋਟਲ ਵਿਚ ਦੋ ਦਿਨ ਦੀ ਫਰੀ ਰਿਹਾਇਸ਼ ਅਤੇ ਹੋਰ ਬਹੁਤ ਸਾਰੇ ਕੀਮਤੀ ਰੈਂਫਲ ਡਰਾਅ ਕੱਢੇ ਗਏ। ਇਸੇ ਦੌਰਾਨ ਵਿਸ਼ੇਸ਼ ਸਪਾਂਸ਼ਰਸਿਪ ਲਈ ‘ਮਾਊਟਿਨ ਮਾਈਕ ਪੀਜਾ’ ਫਰਿਜ਼ਨੋ ਦੇ ਮਾਲਕ ਸ੍ਰੀਮਤੀ ਰਾਜਵੰਤ ਬੇਦੀ ਅਤੇ ਸ੍ਰੀਮਾਨ ਤਾਰਕ ਬੇਦੀ ਦਾ ਸਨਮਾਨ ਕੀਤਾ ਗਿਆ। ਭਾਰਤ ਤੋਂ ਆਏ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਪੰਜਾਬੀ ਪੁਸਤਕਾਂ ਦੀ ਪ੍ਰਦਰਸ਼ਨੀ ਅਤੇ ਸਟਾਲ ਵੀ ਲੁਧਿਆਣੇ ਤੋਂ ਆਏ ਸਤੀਸ਼ ਗੁਲਾਟੀ ਵੱਲੋਂ ਲਾਇਆ ਗਿਆ ਸੀ।
ਸਟੇਜ ਸੰਚਾਲਨ ਬੀਬੀ ਆਸ਼ਾ ਸ਼ਰਮਾ ਅਤੇ ਗਿੱਲ ਪਰਦੀਪ ਨੇ ਸ਼ਾਇਰਾਨਾ ਅੰਦਾਜ਼ ਵਿਚ ਬਾ-ਖੂਬੀ ਕੀਤਾ। ਸਮੁੱਚੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ‘ਗਰਵ ਪੰਜਾਬ’ ਟੀਵੀ. ਅਤੇ ਸ਼ੋਸ਼ਲ ਮੀਡੀਏ ‘ਤੇ ਦੁਨੀਆ ਭਰ ਵਿਚ ਕੀਤਾ ਗਿਆ। ਪ੍ਰੋਗਰਾਮ ਦੀ ਸਫਲਤਾ ਲਈ ‘ਫਰਿਜ਼ਨੋ ਡਰੀਮਜ਼’ ਦੇ ਪ੍ਰਬੰਧਕ ਅਤੇ ਕਲਾਕਾਰ ਵਧਾਈ ਦੇ ਪਾਤਰ ਹਨ।