ਸੁਖਬੀਰ ਦਾ ਡਰੀਮ ਪ੍ਰੋਜੈਕਟ ‘ਸੇਵਾ ਕੇਂਦਰ’ ਵਿਵਾਦਾਂ ਵਿਚ

ਸੁਖਬੀਰ ਦਾ ਡਰੀਮ ਪ੍ਰੋਜੈਕਟ ‘ਸੇਵਾ ਕੇਂਦਰ’ ਵਿਵਾਦਾਂ ਵਿਚ

ਮਲੂਕਾ ਨੇ ਸੇਵਾ ਕੇਂਦਰਾਂ ਦੀ ਉਸਾਰੀ ਵਿੱਚ ਗੜਬੜੀ ਦੇ ਦੋਸ਼ ਲਾਏ; ਸੇਖੋਂ ਨੇ ਕਿਹਾ-ਮਾਮਲਾ ਜਨਤਕ ਤੌਰ ‘ਤੇ ਉਠਾਉਣ ਦੀ ਲੋੜ ਨਹੀਂ ਸੀ
ਬਠਿੰਡਾ/ਬਿਊਰੋ ਨਿਊਜ਼ :
ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਪੰਜਾਬ ਵਿੱਚ ਨਵੇਂ ਬਣੇ ਸੇਵਾ ਕੇਂਦਰਾਂ ਦੇ ਮਾਮਲੇ ਉਤੇ ਆਹਮੋ ਸਾਹਮਣੇ ਹੋ ਗਏ ਹਨ। ਇਹ ਸੇਵਾ ਕੇਂਦਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦਾ ਡਰੀਮ ਪ੍ਰਾਜੈਕਟ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੇਵਾ ਕੇਂਦਰਾਂ ਦੀ ਉਸਾਰੀ ਵਿੱਚ ਗੜਬੜ ਦੇ ਮਾਮਲੇ ਉਤੇ ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰਿੰਗ ਵਿੰਗ ‘ਤੇ ਜਨਤਕ ਤੌਰ ਉਤੇ ਉਂਗਲ ਉਠਾ ਦਿੱਤੀ ਹੈ ਜਦੋਂ ਕਿ ਦੂਜੇ ਪਾਸੇ ਸ੍ਰੀ ਸੇਖੋਂ ਨੇ ਇਸ ਮਾਮਲੇ ਦੀ ਪੜਤਾਲ ਕਰਾਉਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਮਲੂਕਾ ਵੱਲੋਂ ਮਾਮਲਾ ਜਨਤਕ ਤੌਰ ‘ਤੇ ਉਠਾਏ ਜਾਣ ਕਾਰਨ ਸ੍ਰੀ ਸੇਖੋਂ ਨਾਖੁਸ਼ ਹਨ।
ਸ੍ਰੀ ਮਲੂਕਾ ਨੇ ਕਿਹਾ ਕਿ ਰਾਮਪੁਰਾ ਫੂਲ ਹਲਕੇ ਵਿੱਚ ਉਨ੍ਹਾਂ ਨੇ ਉਦਘਾਟਨ ਮੌਕੇ ਜਦੋਂ ਸੇਵਾ ਕੇਂਦਰ ਵੇਖੇ ਤਾਂ ਕਈ ਖ਼ਾਮੀਆਂ ਧਿਆਨ ਵਿੱਚ ਆਈਆਂ ਅਤੇ ਉਸਾਰੀ ਦਾ ਮਿਆਰ ਵੀ ਚੰਗਾ ਨਹੀਂ ਹੈ। ਲੋਕ ਨਿਰਮਾਣ ਵਿਭਾਗ ਦੇ ਇੰਜਨੀਅਰਿੰਗ ਵਿੰਗ ਦੇ ਅਫ਼ਸਰਾਂ ਨੇ ਜ਼ਿਆਦਾ ਐਸਟੀਮੇਟ ਬਣਾਏ ਹਨ ਅਤੇ ਉਸਾਰੀ ਕੁਆਲਿਟੀ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਸੇਵਾ ਕੇਂਦਰਾਂ ਦੀ ਸਟੱਡੀ ਕਰ ਰਹੇ ਹਨ। ਸਰਕਾਰ ਦਾ ਲੋਕਾਂ ਨੂੰ ਸਹੂਲਤਾਂ ਦੇਣ ਵਾਲਾ ਇਹ ਵੱਡਾ ਪ੍ਰਾਜੈਕਟ ਹੈ, ਜਿਸ ਦਾ ਕੰਮ ਕੁਆਲਿਟੀ ਵਾਲਾ ਹੋਣਾ ਚਾਹੀਦਾ ਸੀ। ਦੱਸਣਯੋਗ ਹੈ ਕਿ ਸ੍ਰੀ ਮਲੂਕਾ ਨੇ ਸੇਵਾ ਕੇਂਦਰਾਂ ਵਿੱਚ ਗੜਬੜ ਦੀ ਜਾਂਚ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਣ ਦੀ ਗੱਲ ਆਖੀ ਸੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ 2146 ਸੇਵਾ ਕੇਂਦਰ ਬਣਾਏ ਹਨ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿਚ 389 ਅਤੇ ਪੇਂਡੂ ਖੇਤਰਾਂ ਵਿਚ 1758 ਕੇਂਦਰ ਬਣਾਏ ਗਏ ਹਨ। ਇਨ੍ਹਾਂ ‘ਤੇ ਤਕਰੀਬਨ 500 ਕਰੋੜ ਰੁਪਏ ਦੀ ਲਾਗਤ ਆਈ ਹੈ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ, ‘ਚੰਗਾ ਹੁੰਦਾ ਜੇਕਰ ਮਲੂਕਾ ਸਾਹਬ ਇਹ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦੇ ਅਤੇ ਫਿਰ ਮੁੱਖ ਮੰਤਰੀ ਪੰਜਾਬ ਨੂੰ ਜਾਣੂ ਕਰਾਉਂਦੇ।’ ਉਨ੍ਹਾਂ ਕਿਹਾ ਕਿ ਜਨਤਕ ਤੌਰ ‘ਤੇ ਵਜ਼ੀਰ ਵੱਲੋਂ ਸੇਵਾ ਕੇਂਦਰਾਂ ਵਿੱਚ ਘਪਲੇ ਦੀ ਗੱਲ ਕਰਨ ਨਾਲ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਦੀ ਉਸਾਰੀ ਵਿਚ ਜੇਕਰ ਕੋਈ ਗੜਬੜ ਹੋਈ ਹੈ ਤਾਂ ਉਹ ਪੜਤਾਲ ਕਰਾਉਣਗੇ। ਸ੍ਰੀ ਸੇਖੋਂ ਨੇ ਕਿਹਾ ਕਿ ਅਸਲ ਵਿੱਚ ਉਪ ਮੁੱਖ ਮੰਤਰੀ ਦੀ ਦੇਖ ਰੇਖ ਹੇਠ ਹੀ ਸੇਵਾ ਕੇਂਦਰਾਂ ਦਾ ਪ੍ਰਾਜੈਕਟ ਤਿਆਰ ਹੋਇਆ ਹੈ ਅਤੇ ਇੰਜਨੀਅਰਿੰਗ ਵਿੰਗ ਨੇ ਹੀ ਐਸਟੀਮੇਟ ਵਗੈਰਾ ਤਿਆਰ ਕੀਤੇ ਹਨ। ਉਨ੍ਹਾਂ ਨੂੰ ਐਸਟੀਮੇਟ ਵਗੈਰਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਮਾਮਲੇ ਦੀ ਲੋਕ ਨਿਰਮਾਣ ਵਿਭਾਗ ਦੇ ਵਿਜੀਲੈਂਸ ਵਿੰਗ ਤੋਂ ਮੁਢਲੀ ਜਾਂਚ ਕਰਾਉਣਗੇ। ਜੇਕਰ ਇਸ ਜਾਂਚ ਵਿਚ ਕੋਈ ਗੜਬੜ ਸਾਹਮਣੇ ਆਈ ਤਾਂ ਉਹ ਵਿਜੀਲੈਂਸ ਬਿਊਰੋਂ ਪੰਜਾਬ ਤੋਂ ਪੜਤਾਲ ਕਰਾਉਣ ਦੀ ਸਿਫ਼ਾਰਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਵੱਲੋਂ ਇਨ੍ਹਾਂ ਕੇਂਦਰਾਂ ਦਾ ਡਿਜ਼ਾਈਨ ਵਗੈਰਾ ਤਿਆਰ ਕਰਾਇਆ ਗਿਆ ਹੈ ਅਤੇ ਐਨੀ ਵੱਡੀ ਗੜਬੜ ਹੋਣੀ ਸੰਭਵ ਨਹੀਂ ਹੈ।
ਮਲੂਕਾ ਨੇ ਕਿਹਾ, ”ਮੈਂ ਤਾਂ ਸੇਵਾ ਕੇਂਦਰਾਂ ਵਿਚ ਗੜਬੜ ਹੋਣ ਦੀ ਗੱਲ ਰੁਟੀਨ ਵਿੱਚ ਹੀ ਕੀਤੀ ਸੀ ਅਤੇ ਕਿਸੇ ਨੂੰ ਟਾਰਗੈੱਟ ਨਹੀਂ ਕੀਤਾ। ਜਨਮੇਜਾ ਸਿੰਘ ਸੇਖੋਂ ਦਾ ਇਸ ਮਾਮਲੇ ਵਿੱਚ ਕੋਈ ਰੋਲ ਨਹੀਂ ਹੈ ਅਤੇ ਇਹ ਗੜਬੜ ਤਾਂ ਅਫ਼ਸਰਸ਼ਾਹੀ ਨੇ ਕੀਤੀ ਹੈ। ਜਨਮੇਜਾ ਸਿੰਘ ਸੇਖੋਂ ਨੂੰ ਤਾਂ ਇਸ ਦਾ ਪਤਾ ਵੀ ਨਹੀਂ ਹੋਣਾ।”
ਉਧਰ ਸੇਖੋਂ ਨੇ ਕਿਹਾ, ”ਚੰਗਾ ਹੁੰਦਾ ਜੇਕਰ ਮਲੂਕਾ ਸਾਹਬ ਇਹ ਮਾਮਲਾ ਪਹਿਲਾਂ ਮੇਰੇ ਧਿਆਨ ਵਿੱਚ ਲਿਆਉਂਦੇ ਅਤੇ ਫਿਰ ਮੁੱਖ ਮੰਤਰੀ ਪੰਜਾਬ ਨੂੰ ਜਾਣੂ ਕਰਾਉਂਦੇ। ਜਨਤਕ ਤੌਰ ‘ਤੇ ਵਜ਼ੀਰ ਵੱਲੋਂ ਸੇਵਾ ਕੇਂਦਰਾਂ ਵਿੱਚ ਘਪਲੇ ਦੀ ਗੱਲ ਕਰਨ ਨਾਲ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ। ਜੇਕਰ ਕੋਈ ਗੜਬੜ ਹੋਈ ਹੈ ਤਾਂ ਮੈਂ ਪੜਤਾਲ ਜ਼ਰੂਰ ਕਰਾਵਾਂਗਾ।”