ਛੋਟੇਪੁਰ ਤੇ ਮਾਨ ਵਿਚਾਲੇ ਬੰਦ ਕਮਰਾ ਮੀਟਿੰਗ ਹੋਈ

ਛੋਟੇਪੁਰ ਤੇ ਮਾਨ ਵਿਚਾਲੇ ਬੰਦ ਕਮਰਾ ਮੀਟਿੰਗ ਹੋਈ

ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਪੰਜਾਬ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਸਮੇਤ ਹੋਰ ਵੱਖ-ਵੱਖ ਨਵੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਭ ਦੀਆਂ ਨਜ਼ਰ ਵੱਖ-ਵੱਖ ਰਾਜਸੀ ਪਾਰਟੀਆਂ ਵਿਚੋਂ ਬਰਖ਼ਾਸਤ ਕੀਤੇ ਗਏ ਆਗੂਆਂ ਵੱਲੋਂ ਦੂਜੀਆਂ ਪਾਰਟੀਆਂ ਦੇ ਬਾਗੀਆਂ ਨਾਲ ਮਿਲ ਕੇ ਗਠਿਤ ਕੀਤੀਆਂ ਨਵੀਆਂ ਪਾਰਟੀਆਂ ਦੀ ਕਾਰਗੁਜ਼ਾਰੀ ‘ਤੇ ਟਿਕੀਆਂ ਹੋਈਆਂ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀਂ ਇੱਥੋਂ ਦੇ ਫੇਜ਼-11 ਸਥਿਤ ਆਪਣਾ ਪੰਜਾਬ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਘਰ ਬੰਦ ਕਮਰਾ ਮੀਟਿੰਗ ਕੀਤੀ। ਭਾਵੇਂ ਲੰਮਾ ਚਿਰ ਚੱਲੀ ਇਸ ਮੀਟਿੰਗ ਦੇ ਵੇਰਵੇ ਜਨਤਕ ਨਹੀਂ ਹੋ ਕੀਤੇ ਗਏ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਆਗੂਆਂ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਚਰਚਾ ਹੋਈ ਅਤੇ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਨੂੰ ਸਬਕ ਸਿਖਾਉਣ ਲਈ ਮਿਲ ਕੇ ਚੋਣਾਂ ਲੜਨ ਦੇ ਪਹਿਲੂ ਨੂੰ ਵਿਚਾਰਿਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਵਿੱਚ ਸਿਆਸੀ ਗੱਠਜੋੜ ਜਾਂ ਆਪਸ ਵਿੱਚ ਮਿਲ ਕੇ ਚੋਣਾਂ ਲੜਨ ਦੀ ਫਿਲਹਾਲ ਕੋਈ ਗੱਲ ਸਿਰੇ ਨਹੀਂ ਚੜ੍ਹੀ ਹੈ ਪਰ ਦੋਵਾਂ ਧਿਰਾਂ ਵੱਲੋਂ ਯਤਨ ਜਾਰੀ ਹਨ। ਮੀਟਿੰਗ ਵਿੱਚ ਸਰਬੱਤ ਖ਼ਾਲਸਾ ਬਾਰੇ ਵੀ ਗੱਲਬਾਤ ਹੋਈ ਹੈ।
ਸੰਪਰਕ ਕਰਨ ‘ਤੇ ਸੁੱਚਾ ਸਿੰਘ ਛੋਟੇਪੁਰ ਨੇ ਬੀਤੇ ਦਿਨੀਂ ਫੇਜ਼-11 ਸਥਿਤ ਉਨ੍ਹਾਂ ਦੇ ਘਰ ਵਿੱਚ ਸ੍ਰੀ ਮਾਨ ਨਾਲ ਮੀਟਿੰਗ ਹੋਣ ਦੀ ਗੱਲ ਮੰਨੀ ਹੈ। ਉਂਜ ਉਨ੍ਹਾਂ ਮੀਟਿੰਗ ਦੇ ਵੇਰਵੇ ਨਸ਼ਰ ਕਰਨ ਦੀ ਗੱਲ ਟਾਲਦਿਆਂ ਏਨਾ ਹੀ ਕਿਹਾ ਕਿ ਇਹ ਇੱਕ ਆਮ ਮੁਲਾਕਾਤ ਸੀ ਅਤੇ ਉਨ੍ਹਾਂ ਨੇ ਆਪਸ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਬੈਠ ਕੇ ਚਰਚਾ ਕੀਤੀ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਸ੍ਰੀ ਛੋਟੇਪੁਰ ਨਾਲ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਸਾਂਝੇ ਤੌਰ ‘ਤੇ ਲੜਨ ਬਾਰੇ ਚਰਚਾ ਹੋਈ ਹੈ। ਭਾਵੇਂ ਮੀਟਿੰਗ ਵਿੱਚ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਦੱਸਿਆ ਕਿ ਸਰਬੱਤ ਖ਼ਾਲਸਾ ਦੇ ਮੁੱਦੇ ‘ਤੇ ਵੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ ‘ਤੇ ਸਾਰੀਆਂ ਧਿਰਾਂ ਸਿਰਫ਼ ਸਿਆਸੀ ਰੋਟੀਆਂ ਸੇਕਣ ਤੱਕ ਸੀਮਤ ਹਨ ਲੇਕਿਨ ਉਨ੍ਹਾਂ ਨੂੰ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਫ਼ਿਕਰ ਹੈ। ਨੋਟਬੰਦੀ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਗ਼ਰੀਬ ਬੁਰੀ ਤਰ੍ਹਾਂ ਪਿਸ ਗਿਆ ਹੈ।