ਸਿੱਕਿਮ ਹਾਈ ਕੋਰਟ ਨੇਂ ਗੁਰਦੁਆਰਾ ਡਾਂਗਮਾਰ ਵਿਵਾਦ ਬਾਰੇ ਸਥਿੱਤੀ ਜਿਉਂ ਦਾ ਤਿਉਂ ਰੱਖਣ ਲਈ ਕਿਹਾ

ਸਿੱਕਿਮ ਹਾਈ ਕੋਰਟ ਨੇਂ ਗੁਰਦੁਆਰਾ ਡਾਂਗਮਾਰ ਵਿਵਾਦ ਬਾਰੇ ਸਥਿੱਤੀ ਜਿਉਂ ਦਾ ਤਿਉਂ ਰੱਖਣ ਲਈ ਕਿਹਾ

ਨਵੀਂ ਦਿੱਲੀ/ਬਿਊਰੋ ਨਿਊਜ਼:

ਸਿੱਕਿਮ ਹਾਈ ਕੋਰਟ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ ਵਿੱਚ ਸਥਿਤੀ ਪਹਿਲਾਂ ਵਾਲੀ ਬਰਕਰਾਰ ਰੱਖਣ ਦੇ ਹੁਕਮ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ  ਅਗਲੇ ਸਾਲ 29 ਮਾਰਚ ਨੂੰ ਹੋਵੇਗੀ।  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਸਥਿਤੀ ‘ਜਿਓਂ ਦੀ ਤਿਓਂ’ ਬਰਕਰਾਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਬਣਿਆ ਹੈ। ਕਮੇਟੀ ਦੇ ਵਕੀਲ ਨਵੀਨ ਬਾਰਿਕ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ।  ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ ਵੱਖਰਾ ਹੈ ਤੇ ਸਰਕਾਰ ਖ਼ੁਦ ਮੰਨ ਚੁੱਕੀ ਹੈ ਕਿ ਮੌਜੂਦਾ ਥਾਂ ‘ਤੇ ਗੁਰਦੁਆਰਾ ਸਾਹਿਬ ਪਿਛਲੇ 20 ਸਾਲਾਂ ਤੋਂ ਮੌਜੂਦ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਸਰਕਾਰ  ਸਥਾਨਕ ਪੰਚਾਇਤ ਨਾਲ ਰਲੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਦੇ ਢਾਂਚੇ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਕੋਲ ਢੁੱਕਵੇਂ ਸਬੂਤ ਹਨ, ਜੋ ਇਹ ਸਾਬਤ ਕਰਦੇ ਹਨ ਕਿ ਗੁਰਦੁਆਰਾ ਸਾਹਿਬ ਇਥੇ ਪਿਛਲੇ ਅੱਧੀ ਸਦੀ ਤੋਂ  ਬਣਿਆ ਹੋਇਆ ਹੈ।  ਉਨ੍ਹਾਂ ਕਿਹਾ ਕਿ ਸਥਾਨਕ ਅਫਸਰਾਂ ਨੇ ਸਾਜ਼ਿਸ਼ ਤਹਿਤ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਹਨ। ਉਹ ਇਥੇ ਕੌਮਾਂਤਰੀ ਮੱਠ (ਮੋਨਾਸਟਰੀ) ਬਣਵਾਉਣਾ ਚਾਹੁੰਦੇ ਹਨ।