ਜੇਲ੍ਹ ਵਿੱਚ ਨਜ਼ਰਬੰਦ ਸਿੰਘ ਮਿੰਟੂ ਨੇ ਵੱਖਰੇ ਸੈੱਲ ‘ਚ ਬੰਦ ਕਰਨ ਵਿਰੁਧ ਲਾਇਆ ਮੋਰਚਾ

ਜੇਲ੍ਹ ਵਿੱਚ ਨਜ਼ਰਬੰਦ ਸਿੰਘ ਮਿੰਟੂ ਨੇ ਵੱਖਰੇ ਸੈੱਲ ‘ਚ ਬੰਦ ਕਰਨ ਵਿਰੁਧ ਲਾਇਆ ਮੋਰਚਾ

ਪਟਿਆਲਾ/ਬਿਊਰੋ ਨਿਊਜ਼
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਕੇਐਲਐਫ ਦੇ ਚੀਫ਼ ਹਰਮਿੰਦਰ ਸਿੰਘ ਮਿੰਟੂ ਨੇ ਜੇਲ੍ਹ ਅਧਿਕਾਰੀਆਂ ‘ਤੇ ਉਸ ਨੂੰ ਇੱਕ ਵੱਖਰੇ ਸੈੱਲ ਵਿੱਚ ਬੰਦ ਕਰਨ ਦੇ ਦੋਸ਼ ਲਾਉਂਦਿਆਂ ਭੁੱਖ ਹੜਤਾਲ ਕੀਤੀ ਹੈ। ਮਿੰਟੂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਨੂੰ ਦੱਸਿਆ ਕਿ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਇਕ ਕੇਸ ਸਬੰਧੀ ਲੁਧਿਆਣਾ ਦੀ ਇਕ ਅਦਾਲਤ ਵਿੱਚ ਪੇਸ਼ੀ ਭੁਗਤਣ ਮੌਕੇ ਮਿੰਟੂ ਨੇ ਉਸ ਨੂੰ ਦੱਸਿਆ ਸੀ ਕਿ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਵੱਖਰੇ ਸੈੱਲ ਵਿੱਚ ਬੰਦ ਕੀਤਾ ਹੋਇਆ ਹੈ। ਉਸ ਦਾ ਕਹਿਣਾ ਸੀ ਕਿ ਜੇਲ੍ਹ ਵਿਚਲੇ ਡਾਕਟਰ ਵੱਲੋਂ ਉਸ ਨੂੰ ਪੀਜੀਆਈ ਇਲਾਜ ਲਈ ਭੇਜਣ ਦੀ ਸਿਫ਼ਾਰਸ਼ ਕਰਨ ਦੇ ਬਾਵਜੂਦ ਉਸ ਨੂੰ ਨਹੀਂ ਭੇਜਿਆ ਜਾ ਰਿਹਾ। ਇਨ੍ਹਾਂ ਕਾਰਨਾਂ ਕਰਕੇ ਮਿੰਟੂ ਨੇ ਭੁੱਖ ਹੜਤਾਲ ਰੱਖੀ ਹੈ। ਜ਼ਿਕਰਯੋਗ ਹੈ ਕਿ ਮਿੰਟੂ ਨੂੰ ਕੁਝ ਸਾਲ ਪਹਿਲਾਂ ਵਿਦੇਸ਼ੋਂ ਫੜਨ ਮਗਰੋਂ ਪਟਿਆਲਾ ਲਿਆਂਦਾ ਗਿਆ ਸੀ। ਉਹ ਪਿਛਲੇ ਸਾਲ ਨਾਭਾ ਜੇਲ੍ਹ ‘ਚੋਂ ਫ਼ਰਾਰ ਹੋ ਗਿਆ ਸੀ, ਪਰ ਉਸੇ ਰਾਤ ਉਸ ਨੂੰ ਦਿੱਲੀ ਤੋਂ ਫੜ ਲਿਆ ਸੀ ਤੇ ਹੁਣ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਮਿੰਟੂ ਦੇ ਵਕੀਲ ਅਨੁਸਾਰ ਉਹ ਚਾਰ ਕੇਸਾਂ ਵਿੱਚੋਂ ਬਰੀ ਹੋ ਚੁੱਕਾ ਹੈ ਤੇ ਚਾਰ ਵਿੱਚੋਂ ਜ਼ਮਾਨਤ ਮਿਲ ਚੁੱਕੀ ਹੈ, ਜਦੋਂਕਿ ਨਾਭਾ ਜੇਲ੍ਹ ਕਾਂਡ ਸਮੇਤ ਦਿੱਲੀ ਵਿੱਚ ਦਰਜ ਇਕ ਕੇਸ ਚੱਲ ਰਿਹਾ ਹੈ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ ਨੇ ਵਕੀਲ ਵੱਲੋਂ ਮਿੰਟੂ ਦੇ ਹਵਾਲੇ ਨਾਲ ਲਾਏ ਦੋਸ਼ਾਂ ਦਾ ਖੰਡਨ ਕੀਤਾ ਹੈ। ਸ੍ਰੀ ਕਪੂਰ ਨੇ ਮਿੰਟੂ ਵੱਲੋਂ ਭੁੱਖ ਹੜਤਾਲ ਨਾ ਰੱਖੇ ਜਾਣ ਦੀ ਗੱਲ ਵੀ ਆਖੀ ਹੈ।