ਸੇਬ ਦੀਆਂ ਪੇਟੀਆਂ ‘ਚ ਲੁਕੋਈ ਚਾਲੀ ਕਿਲੋ ਹੈਰੋਇਨ ਫੜੀ

ਸੇਬ ਦੀਆਂ ਪੇਟੀਆਂ ‘ਚ ਲੁਕੋਈ ਚਾਲੀ ਕਿਲੋ ਹੈਰੋਇਨ ਫੜੀ
ਲੁਧਿਆਣਾ ਵਿੱਚ ਫੜੀ ਗਈ ਹੈਰੋਇਨ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀ।

ਲੁਧਿਆਣਾ/ਬਿਊਰੋ ਨਿਊਜ਼:
ਗੁਆਂਢੀ ਦੇਸ਼ ਪਾਕਿਸਤਾਨ ਤੋਂ ਮੰਗਵਾਈ ਗਈ 40 ਕਿਲੋ ਹੈਰੋਇਨ ਦੇ ਨਾਲ ਸਰਹੱਦੀ ਇਲਾਕੇ ਦੇ ਇੱਕ ਤਸਕਰ ਨੂੰ ਐਸਟੀਐਫ਼ ਲੁਧਿਆਣਾ ਦੀ ਟੀਮ ਨੇ ਇੱਥੇ ਕੀਰਤੀ ਨਗਰ ਇਲਾਕੇ ਵਿੱਚ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਸੇਬ ਦੀਆਂ ਪੇਟੀਆਂ ਵਿੱਚ ਇੱਕ- ਇੱਕ ਕਿਲੋ ਦੇ 40 ਪੈਕੇਟ ਹੈਰੋਇਨ ਦੇ ਲੁਕਾ ਕੇ ਰੱਖੇ ਹੋਏ ਸਨ। ਨਸ਼ੇ ਦੀ ਇਸ ਖੇਪ ਨੂੰ ਫੜਨਾ ਐਸਟੀਐਫ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸੀ ਜਾ ਰਹੀ ਹੈ। ਪੁਲੀਸ ਵੱਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਥਾਣਾ ਮੋਤੀ ਨਗਰ ਵਿੱਚ ਪੈਂਦੇ ਅੰਮ੍ਰਿਤਸਰ ਦੇ ਪਿੰਡ ਮੱਜ ਵਾਸੀ ਗੁਰਲਾਲ ਸਿੰਘ ਉਰਫ਼ ਗੁੱਲੂ (33 ਸਾਲ) ਵੱਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਐਸਟੀਐਫ਼ ਦੇ ਫਿਰੋਜ਼ਪੁਰ ਰੇਂਜ ਦੇ ਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਕੀਰਤੀ ਨਗਰ ਇਲਾਕੇ ਵਿੱਚ ਐਸਟੀਐਫ਼ ਦੇ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ‘ਚ ਪੁਲੀਸ ਪਾਰਟੀ ਨੇ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਮੁਲਜ਼ਮ ਉਥੋਂ ਸਵਿਫ਼ਟ ਕਾਰ ‘ਚ ਲੰਘ ਰਿਹਾ ਸੀ। ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਨੇ ਕਾਰ ਨੂੰ ਪਿੱਛੇ ਘੁਮਾ ਲਿਆ ਤੇ ਫ਼ਰਾਰ ਹੋਣ ਲੱਗਿਆ। ਪੁਲੀਸ ਨੇ ਮੁਲਜ਼ਮ ਦਾ ਪਿੱਛਾ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲੀਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸੇਬ ਦੀਆਂ ਚਾਰ ਪੇਟੀਆਂ ਮਿਲੀਆਂ, ਜਦੋਂ ਪੁਲੀਸ ਨੇ ਪੇਟੀਆਂ ਖੋਲ੍ਹੀਆਂ ਤਾਂ ਉਪਰ ਉਪਰ ਸੇਬ ਪਏ ਸਨ, ਥੱਲੇ ਇੱਕ ਇੱਕ ਕਿਲੋ ਦੇ ਚਾਲੀ ਹੈਰੋਇਨ ਦੇ ਪੈਕਟ ਪਏ ਸਨ। ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਇਹ ਹੁਣ ਤੱਕ ਦੀ ਐਸਟੀਐਫ਼ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪੁਲੀਸ ਪੁੱਛਗਿਛ ‘ਚ ਮੁਲਜ਼ਮ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਉਸ ਦਾ ਪਿਤਾ ਦਿਲਬਾਗ਼ ਸਿੰਘ ਦੋ ਕਤਲਾਂ ਦੇ ਮਾਮਲਿਆਂ ‘ਚ ਪਿਛਲੇਂ 23 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਜਦੋਂ ਕਿ ਉਸ ਦਾ ਭਰਾ ਪਲਵਿੰਦਰ ਸਿੰਘ ਨਸ਼ਾ ਤਸਕਰੀ ਦੇ ਦੋਸ਼ ਵਿੱਚ ਜੇਲ੍ਹ ‘ਚ ਬੰਦ ਹੈ।
ਉਹ ਪਿਛਲੇਂ 3 ਸਾਲ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ। ਉਹ ਪਾਕਿਸਤਾਨ ਦੇ ਤਸਕਰਾਂ ਤੋਂ ਹੈਰੋਇਨ ਮੰਗਵਾਉਂਦਾ ਸੀ। ਉਥੋਂ ਹੈਰੋਇਨ ਮੰਗਵਾ ਕੇ ਮੁਲਜ਼ਮ ਪੰਜਾਬ ਤੋਂ ਇਲਾਵਾ ਬਾਹਰੀ ਸੂਬਿਆਂ ‘ਚ ਵੀ ਸਪਲਾਈ ਕਰਦਾ ਹੈ।