ਮੁੰਬਈ ‘ਚ ਮੌਨਸੂਨ ਦੀ ਪਹਿਲੀ ਹੀ ਬਾਰਿਸ਼ ਨੇ ਕਹਿਰ ਢਾਹਿਆ, ਪੰਜ ਦੀ ਮੌਤ ਅਨੇਕਾਂ ਘਰੋਂ ਬੇਘਰ

ਮੁੰਬਈ ‘ਚ ਮੌਨਸੂਨ ਦੀ ਪਹਿਲੀ ਹੀ ਬਾਰਿਸ਼ ਨੇ ਕਹਿਰ ਢਾਹਿਆ, ਪੰਜ ਦੀ ਮੌਤ ਅਨੇਕਾਂ ਘਰੋਂ ਬੇਘਰ

ਮੁੰਬਈ/ਬਿਊਰੋ ਨਿਊਜ਼ :
ਮੁੰਬਈ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਮੌਨਸੂਨ ਦੀ ਭਾਰੀ ਬਾਰਿਸ਼ ਕਾਰਨ ਘੱਟੋ-ਘੱਟ ਪੰਜ ਜਾਨਾਂ ਜਾਂਦੀਆਂ ਰਹੀਆਂ। ਪੁਲੀਸ ਅਤੇ ਅੱਗ ਬੁਝਾਊ ਸੇਵਾ ਦੇ ਅਧਿਕਾਰੀਆਂ ਮੁਤਾਬਕ ਇਸ ਕਾਰਨ ਅਨੇਕਾਂ ਲੋਕ ਘਰੋਂ ਬੇਘਰ ਹੋ ਗਏ ਹਨ।
ਪੁਲੀਸ ਮੁਤਾਬਕ ਇਕ 15 ਸਾਲਾ ਮੁੰਡਾ ਮਲਾਡ ਇਲਾਕੇ ਵਿਚ ਪਾਣੀ ਨਾਲ ਭਰੇ ਖੱਡੇ ਵਿਚ ਡੁੱਬ ਗਿਆ ਤੇ ਇਕ ਹੋਰ ਮੁੰਡਾ ਠਾਣੇ ਸ਼ਹਿਰ ਵਿੱਚ ਕੰਧ ਡਿੱਗਣ ਕਾਰਨ ਮਾਰਿਆ ਗਿਆ। ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਦਰਖ਼ਤ ਡਿੱਗਣ ਕਾਰਨ ਦੋ ਵਿਅਕਤੀ ਮਾਰੇ ਗਏ ਤੇ ਪੂਰਬੀ ਮੁੰਬਈ ਦੇ ਘਾਟਕੋਪਰ ਇਲਾਕੇ ਵਿੱਚ ਇਕ ਔਰਤ ਦੀ ਮੌਤ ਕਰੰਟ ਲੱਗਣ ਕਾਰਨ ਹੋ ਗਈ।
ਤੇਜ਼ ਬਾਰਸ਼ ਕਾਰਨ ਸੜਕ, ਰੇਲ ਤੇ ਹਵਾਈ ਸਫ਼ਰ ਉਤੇ ਵੀ ਮਾੜਾ ਅਸਰ ਪਿਆ। ਬ੍ਰਿਹਾਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀਐਮਸੀ) ਦੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਮਿਲਾਨ ਸਬਵੇਅ, ਧਾਰਾਵੀ, ਸਿਓਨ, ਮਾਟੁੰਗਾ, ਹਿੰਦਮਾਤਾ, ਮਲਾਡ, ਕੁਰਲਾ, ਅੰਧੇਰੀ ਸਬਵੇਅ, ਭਾਂਦੁਪ, ਵਰਲੀ ਤੇ ਲੋਅਰ ਪਾਰਲੇ ਆਦਿ ਨੀਵੇਂ ਇਲਾਕਿਆਂ ਵਿੱਚ ਤਿੰਨ-ਤਿੰਨ ਫੁੱਟ ਤੱਕ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਸਵੇਰੇ ਆਪਣੇ ਕੰਮੀਂ-ਕਾਜੀਂ ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿਚ ਬਾਰਸ਼ ਕੁਝ ਰੁਕਣ ਪਿੱਛੋਂ ਪਾਣੀ ਨੂੰ ਪੰਪਾਂ ਆਦਿ ਦੀ ਮੱਦਦ ਨਾਲ ਸਮੁੰਦਰ ਵਿਚ ਸੁੱਟਿਆ ਗਿਆ।ਬਾਰਸ਼ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਵੀ ਰਾਹਤ ਕਾਰਜਾਂ ਵਿੱਚ ਮੁਸ਼ਕਲ ਆਈ।
ਜਾਣਕਾਰੀ ਮੁਤਾਬਕ ਅਨੇਕਾਂ ਇਲਾਕਿਆਂ ਵਿੱਚ ਕੰਧਾਂ ਡਿੱਗਣ ਤੇ ਸੜਕਾਂ ਦੇ ਧਸ ਜਾਣ ਕਾਰਨ ਕਾਰਾਂ ਆਦਿ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਐਂਟੋਪ ਹਿੱਲ ਉਤੇ ਲਾਇਡ ਅਸਟੇਟ ਵਿਚ ਸਭ ਤੋਂ ਵੱਧ ਨੁਕਸਾਨ ਪੁੱਜਾ, ਜਿਥੇ ਪਹਾੜੀ ਵਾਲੇ ਪਾਸੇ ਦੀ ਚਾਰਦੀਵਾਰੀ ਧਸ ਜਾਣ ਕਾਰਨ 12 ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ ਤੇ ਕੁਝ ਹੋਰਨਾਂ ਨੂੰ ਵੀ ਨੁਕਸਾਨ ਪੁੱਜਾ। ਇਸ ਇਮਾਰਤ ਵਿਚ ਅਨੇਕਾਂ ਸੀਨੀਅਰ ਵਕੀਲ, ਜੱਜ ਤੇ ਕਾਰੋਬਾਰੀ ਆਦਿ ਰਹਿੰਦੇ ਹਨ, ਜਿਨ੍ਹਾਂ ਨੂੰ ਇਮਾਰਤ ਡਿੱਗਣ ਦੇ ਡਰੋਂ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ। ਬਾਅਦ ਵਿਚ ਮਹਾਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਕਿ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਨੂੰ ਸਹਾਇਤਾ ਲਈ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਦੇ ਸਾਂਤਾ ਕਰੂਜ਼ ਮੌਸਮ ਸਟੇਸ਼ਨ ਵਿਖੇ 231.4 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ। ਭਾਰੀ ਮੀਂਹ ਕਾਰਨ ਹਵਾਈ ਸੇਵਾ ਵਿਚ ਵੀ ਵਿਘਨ ਪਿਆ। ਜੈੱਟ ਏਅਰਵੇਜ਼ ਤੇ ਵਿਸਤਾਰਾ ਨੇ ਮੁਸਾਫ਼ਰਾਂ ਨੂੰ ਉਡਾਣਾਂ ਕਈ ਘੰਟੇ ਤਕ ਪਛੜਨ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਘੱਟੋ ਘੱਟ 68 ਉਡਾਣਾਂ ਦੇ ਲੇਟ ਹੋਣ ਦੀ ਖ਼ਬਰ ਹੈ।
ਇਸ ਦੌਰਾਨ ਪੀਟੀਆਈ ਮੁਤਾਬਕ ਦੇਸ਼ ਦੇ ਉਤਰ-ਪੂਰਬੀ ਸੂਬੇ ਅਸਾਮ ਵਿਚ ਹੜ੍ਹਾਂ ਕਾਰਨ ਸੂਬੇ ਵਿਚ ਹੋਈਆਂ ਮੌਤਾਂ ਦੀ ਗਿਣਤੀ 26 ਤੱਕ ਪੁੱਜ ਗਈ ਹੈ।ਪੱਛਮੀ ਬੰਗਾਲ ‘ਚ ਮੌਨਸੂਨ ਦੀ ਭਾਰੀ ਬਾਰਿਸ਼ ਮਗਰੋਂ ਬਿਜਲੀ ਡਿੱਗਣ ਨਾਲ ਪੰਜ ਜਣਿਆਂ ਦੀ ਅਤੇ ਇਕ ਵਿਅਕਤੀ ਦੀ ਡੁੱਬਣ ਕਰਕੇ ਮੌਤ ਹੋ ਗਈ। ਮੁਲਕ ਦੇ ਪੱਛਮੀ ਹਿੱਸੇ ਗੁਜਰਾਤ ਵਿਚ ਵੀ ਮੋਹਲੇਧਾਰ ਮੀਂਹ ਪਿਆ ਤੇ ਵਲਸਾਡ, ਸੂਰਤ ਤੇ ਨਵਸਾਰੀ ਜ਼ਿਲ੍ਹਿਆਂ ‘ਚ ਮੀਂਹ ਦਾ ਪਾਣੀ ਇਕੱਠਾ ਹੋਣ ਨਾਲ ਖਿੱਤੇ ‘ਚ ਆਮ ਜਨਜੀਵਨ ਲੀਹੋਂ ਲੱਥ ਗਿਆ