ਪਰਥ ਵਿਚ ਕਾਰ ਤੇ ਟਰੱਕ ਵਿਚਾਲੇ ਟੱਕਰ ‘ਚ ਸਿੱਖ ਪ੍ਰਚਾਰਕ ਦੀ ਮੌਤ

ਪਰਥ ਵਿਚ ਕਾਰ ਤੇ ਟਰੱਕ ਵਿਚਾਲੇ ਟੱਕਰ ‘ਚ ਸਿੱਖ ਪ੍ਰਚਾਰਕ ਦੀ ਮੌਤ

ਟਰੱਕ ਚਾਲਕ ਵੀ ਪੰਜਾਬੀ ਨੌਜਵਾਨ
ਐਡੀਲੇਡ/ਬਿਊਰੋ ਨਿਊਜ਼ :
ਵੈਸਟਰਨ ਆਸਟਰੇਲੀਆ ਸੂਬੇ ਦੇ ਸ਼ਹਿਰ ਪਰਥ ਲਾਗੇ ਵਾਪਰੇ ਸੜਕ ਹਾਦਸੇ ਵਿੱਚ ਸਿੱਖ ਪ੍ਰਚਾਰਕ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।
ਚੰਡੀਗੜ੍ਹ ਨਾਲ ਸਬੰਧਤ ਗੁਰਦੀਪ ਸਿੰਘ (65) ਪਿਛਲੇ ਕੁਝ ਸਮੇਂ ਤੋਂ ਆਪਣੇ ਪੁੱਤਰ ਨੂੰ ਮਿਲਣ ਆਇਆ ਹੋਇਆ ਸੀ। ਗੁਰਦੀਪ ਸਿੰਘ ਉਸ ਦਾ ਭਰਾ ਅਤੇ ਭਤੀਜਾ ਸ਼ਹਿਰ ਨੇੜਲੀ ਬੀਚ ਤੋਂ ਵਾਪਸ ਆ ਰਹੇ ਸਨ ਕਿ ਸੜਕ ‘ਤੇ ਰੁਕੇ ਟਰੱਕ ਪਿੱਛੇ ਉਨ੍ਹਾਂ ਦੀ ਕਾਰ ਵੀ ਰੁਕ ਗਈ। ਇਸ ਦੌਰਾਨ ਪਿਛਲੇ ਪਾਸਿਓਂ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਅਤੇ ਕਾਰ ਦੋਹਾਂ ਟਰੱਕਾਂ ਵਿਚਾਲੇ ਆ ਗਈ। ਹਾਦਸਾਗ੍ਰਸਤ ਕਾਰ ਵਿੱਚੋਂ ਸਵਾਰਾਂ ਨੂੰ ਕੱਢਣ ਲਈ ਬਚਾਅ ਕਰਮੀਆਂ ਨੂੰ ਘੰਟੇ ਤੋਂ ਉਪਰ ਸਮਾਂ ਲੱਗਿਆ। ਹਾਦਸੇ ਵਿੱਚ ਗੁਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੇ ਭਰਾ ਤੇ ਕਾਰ ਚਲਾ ਰਹੇ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਹਨ।
ਕਾਰ ਨੂੰ ਟੱਕਰ ਮਾਰਨ ਵਾਲੇ ਟਰੱਕ ਦਾ ਚਾਲਕ ਵੀ ਪੰਜਾਬੀ ਮੂਲ ਦਾ 21 ਸਾਲ ਦਾ ਅੰਮ੍ਰਿਤਪਾਲ ਸਿੱਧੂ ਹੈ, ਜਿਸ ਵਿਰੁੱਧ ਪੁਲੀਸ ਨੇ ਮੌਤ ਦਾ ਕਾਰਨ ਬਣੀ ਖ਼ਤਰਨਾਕ ਡਰਾਇਵਰੀ ਕਰਨ ਸਮੇਤ ਦੋ ਹੋਰ ਦੋਸ਼ਾਂ ਤਹਿਤ ਕੇਸ ਦਰਜ ਕਰਨ ਮਗਰੋਂ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਵਰਕਿੰਗ ਵੀਜ਼ੇ ‘ਤੇ ਆਸਟਰੇਲੀਆ ਵਿੱਚ ਰਹਿ ਰਹੇ ਅੰਮ੍ਰਿਤਪਾਲ ਨੂੰ ਜ਼ਮਾਨਤ ਮਿਲ ਗਈ ਹੈ।