ਪੰਜਾਬ ਟਾਈਗਰ ਖਿਤਾਬ ਜੇਤੂ ਰਿਹਾ ਪਹਿਲਵਾਨ ਰੇਸ਼ਮ ਸਿੰਘ ਸਨਮਾਨਤ

ਪੰਜਾਬ ਟਾਈਗਰ ਖਿਤਾਬ ਜੇਤੂ ਰਿਹਾ ਪਹਿਲਵਾਨ ਰੇਸ਼ਮ ਸਿੰਘ ਸਨਮਾਨਤ

ਲੈਥਰੋਪ ਪਾਰਕ ‘ਚ ਰੀਕ੍ਰੇਸ਼ਨ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਤੇ ਕੁਸ਼ਤੀ ਕੋਚ ਜਗਦੇਵ ਸਿੰਘ ਪਹਿਲਵਾਨ ਰੇਸ਼ਮ ਸਿੰਘ ਦਾ ਸਨਮਾਨ ਕਰਨ ਸਮੇਂ।
ਸਿਆਟਲ/ਗੁਰਚਰਨ ਸਿੰਘ ਢਿੱਲੋਂ :
ਸਥਾਨਕ ਲੈਥਰੋਪ ਪਾਰਕ ਵਿਖੇ ਪੰਜਾਬ ਦੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਅੰਮ੍ਰਿਤਸਰ ਦੇ ਸੋਨ ਤਮਗਾ ਜੇਤੂ ਅਤੇ ਪੰਜਾਬ ਟਾਈਗਰ ਦਾ ਖਿਤਾਬ ਜਿੱਤਣ ਵਾਲੇ ਰੇਸ਼ਮ ਸਿੰਘ ਪਹਿਲਵਾਨ ਦਾ ਸਨਮਾਨ ਕੀਤਾ ਗਿਆ। ਲੈਥਰੋਪ ਦੀ ਪਾਰਕ ਤੇ ਰੀਕ੍ਰੇਸ਼ਨ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਨੇ ਸਨਮਾਨ ਸਮਾਰੋਹ ‘ਚ ਬੋਲਦਿਆਂ ਦੱਸਿਆ ਕਿ ਰੇਸ਼ਮ ਸਿੰਘ ਨੇ ਆਪਣੇ ਸਮੇਂ ਵਿਚ ਕੁਸ਼ਤੀ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹੋਈਆਂ ਹਨ। ਉਹ ਅੱਜ ਕੱਲ੍ਹ ਟੋਰਾਂਟੋ ‘ਚ ਕੁਸ਼ਤੀ ਤੇ ਕਬੱਡੀ ਨੂੰ ਬੜ੍ਹਾਵਾ ਦੇ ਰਹੇ ਹਨ। ਕੁਸ਼ਤੀ ਕੋਚ ਰਹੇ ਜਗਦੇਵ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ ਬਹੁਤ ਮਿਹਨਤੀ ਤੇ ਦਾਅਪੇਚ ਦੇ ਮਾਹਰ ਹਨ। ਰੇਸ਼ਮ ਸਿੰਘ ਪਹਿਲਵਾਨ ਨੇ ਧੰਨਵਾਦੀ ਭਾਸ਼ਣ ਵਿਚ ਦੱਸਿਆ ਕਿ ਸਰੀ ਵੈਨਕੋਵਰ ਅਤੇ ਟੋਰਾਂਟੋ ਕੁਸ਼ਤੀ ਦੇ ਸੈਂਟਰ ਬਹੁਤ ਵਧੀਆ ਢੰਗ ਨਾਲ ਚਲਾਏ ਜਾ ਰਹੇ ਹਨ ਜਿਥੋਂ ਪੰਜਾਬੀ ਮੂਲ ਦੇ ਬੱਚੇ ਭਾਈਚਾਰੇ ਦਾ ਨਾਂ ਰੋਸ਼ਨ ਕਰ ਰਹੇ ਹਨ। ਰੇਸ਼ਮ ਸਿੰਘ ਨੇ ਦੱਸਿਆ ਕਿ ਸਿਆਟਲ ਵਿਚ ਬੱਚਿਆਂ ਦਾ ਖੇਡ ਕੈਂਪ ਲਗਾ ਕੇ ਖੇਡਾਂ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਸ਼ਾਨਦਾਰ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਕਸਰਤ ਕਰਨ ਤੇ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਤ ਕੀਤਾ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚ ਬੱਚੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ, ਜਿਸ ਕਰਕੇ ਬੱਚਿਆਂ ਦੀ ਸਿਹਤਯਾਬੀ ਤੇ ਵਿਦਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।