ਪਟਿਆਲਾ ਤੋਂ ਮਿਲੀ ਹਾਰ ਮਗਰੋਂ ਜਨਰਲ ਜੇਜੇ ਸਿੰਘ ਦੀ ਅੱਖ ਫਿਰੋਜ਼ਪੁਰ 'ਤੇ

ਪਟਿਆਲਾ ਤੋਂ ਮਿਲੀ ਹਾਰ ਮਗਰੋਂ ਜਨਰਲ ਜੇਜੇ ਸਿੰਘ ਦੀ ਅੱਖ ਫਿਰੋਜ਼ਪੁਰ 'ਤੇ

ਚੰਡੀਗੜ੍ਹ: ਭਾਰਤ ਦੇ ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਨੇ ਕਿਹਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। 

"ਦਾ ਟ੍ਰਿਬਿਊਨ" ਅਖਬਾਰ ਨਾਲ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਇੱਛਾ ਬਾਰੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਆਗੂਆਂ ਨੂੰ ਦੱਸ ਚੁੱਕੇ ਹਨ। 

ਗੌਰਤਲਬ ਹੈ ਕਿ ਜਨਰਲ ਜੇਜੇ ਸਿੰਘ ਨੇ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਲੜ੍ਹ ਕੇ ਕੀਤੀ ਸੀ, ਜਿੱਥੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਜਨਰਲ ਜੇਜੇ ਸਿੰਘ ਨੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਅਸਤੀਫਾ ਦੇ ਦਿੱਤਾ ਸੀ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨਾਲ ਜੁੜਨ ਦਾ ਐਲਾਨ ਕੀਤਾ ਸੀ।

ਮੋਜੂਦਾ ਸਮੇਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਹਨ, ਪਰ ਸ਼ੇਰ ਸਿੰਘ ਘੁਬਾਇਆ ਦਾ ਬਾਦਲ ਦਲ ਨਾਲੋਂ ਤੋੜ ਵਿਛੋੜਾ ਯਕੀਨੀ ਮੰਨਿਆ ਜਾ ਰਿਹਾ ਹੈ ਕਿਉਂਕਿ ਘੁਬਾਇਆ ਦਾ ਮੁੰਡਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਲੜ੍ਹ ਕੇ ਚੋਣ ਜਿੱਤਿਆ ਸੀ। 

ਜਨਰਲ ਜੇਜੇ ਸਿੰਘ ਦਾ ਇਹ ਐਲਾਨ ਪਹਿਲਾਂ ਹੀ ਬੇਇਤਫਾਕੀ ਦੇ ਦਰਿਆ ਵਿਚ ਡਿਕ-ਡੋਲੇ ਖਾ ਰਹੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੇੜੀ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ।