ਨਵਜੋਤ ਸਿੰਘ ਸਿੱਧੂ ਦੇ ਸ਼ਾਂਤੀ ਦੇ ਬਿਆਨ 'ਤੇ ਭੜਕੇ ਅੰਨ੍ਹੇ ਦੇਸ਼ਭਗਤ

 ਨਵਜੋਤ ਸਿੰਘ ਸਿੱਧੂ ਦੇ ਸ਼ਾਂਤੀ ਦੇ ਬਿਆਨ 'ਤੇ ਭੜਕੇ ਅੰਨ੍ਹੇ ਦੇਸ਼ਭਗਤ

ਚੰਡੀਗੜ੍ਹ: ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਸਭ ਪਾਸੇ ਨਫਰਤ ਦੀਆਂ ਗੱਲਾਂ ਹੋ ਰਹੀਆਂ ਹਨ ੳੁੱਥੇ ਕਸ਼ਮੀਰ ਮਸਲੇ ਨੂੰ ਗੱਲਬਾਤ ਨਾਲ ਹੱਲ ਕਰਨ ਅਤੇ ਸ਼ਾਂਤੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਕੇਂਦਰੀ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਭਾਰਤ ਵਿਚ ਇਕ ਵਰਗ ਨਫਰਤ ਫੈਲਾ ਰਿਹਾ ਹੈ। ਸਿੱਧੂ ਦਾ ਇਹ ਸ਼ਾਂਤੀ ਦਾ ਬਿਆਨ ਅੰਨ੍ਹੇ ਦੇਸ਼ਭਗਤਾਂ ਨੂੰ ਰਾਸ ਨਹੀਂ ਆਇਆ ਅਤੇ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਧੂ ਦੇ ਬਿਆਨ ਨੂੰ ਅਧਾਰ ਬਣਾ ਕੇ ਕਪਿਲ ਸ਼ਰਮਾ ਦੇ ਸ਼ੋ ਦੇ ਬਾਈਕਾਟ ਦਾ ਸੱਦਾ ਦਿੱਤਾ ਜਾ ਰਿਹਾ ਹੈ। 

ਇਸ ਲਈ ਇਹਨਾਂ ਲੋਕਾਂ ਵਲੋਂ #BoycottSidhu ਅਤੇ #BoycottKapilSharmaShow ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਾਇਆ ਜਾ ਰਿਹਾ ਹੈ। 

ਪੁਲਵਾਮਾ ਹਮਲੇ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਇਸ ਹਮਲੇ ਦਾ ਦੋਸ਼ ਪੂਰੇ ਦੇਸ਼ ਜਾ ਫੇਰ ਕਿਸੇ ਪੂਰੀ ਕੌਮ ਨੂੰ ਨਹੀਂ ਦਿੱਤਾ ਜਾ ਸਕਦਾ। ਅਜਿਹਾ ਕਰਨਾ ਠੀਕ ਨਹੀਂ ਹੈ ਕਿਉਂਕਿ ਅੱਤਵਾਦ ਦਾ ਕੋਈ ਦੇਸ਼ ਨਹੀਂ ਹੁੰਦਾ। ਸਿੱਧੂ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਸੀ, "ਇਹ ਬਹੁਤ ਨਿੰਦਾਯੋਗ ਹੈ। ਜਿਸਨੇ ਵੀ ਇਸ ਨੂੰ ਅੰਜਾਮ ਦਿੱਤਾ, ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਨੂੰ ਇਸ ਸਮੇਂ ਚਿੰਤਨ ਕਰਨਾ ਚਾਹੀਦਾ ਹੈ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕ੍ਰਿਕੇਟ ਦੀ ਸਾਂਝ ਕਾਰਨ ਬਹੁਤ ਨੇੜਤਾ ਹੈ ਜਿਸ ਕਾਰਨ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਖੜੀ ਸਰਹੱਦ ਦੇ ਦਰਵਾਜ਼ੇ ਖੁੱਲ੍ਹਣ ਦੀ ਇਕ ਆਸ ਬੱਝੀ ਸੀ। ਨਵਜੋਤ ਸਿੰਘ ਸਿੱਧੂ ਦੇ ਇਮਰਾਨ ਖਾਨ ਦੇ ਸੋਂਹ ਚੁੱਕ ਸਮਾਗਮ 'ਤੇ ਜਾਣ ਮਗਰੋਂ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦੀ ਗੱਲਬਾਤ ਤੇਜ਼ ਹੋਈ ਸੀ ਤੇ ਭਾਰਤ-ਪਾਕਿਸਤਾਨ ਇਸ ਲਾਂਘੇ ਨੂੰ ਖੋਲ੍ਹਣ ਲਈ ਤਿਆਰ ਵੀ ਹੋ ਗਏ ਹਨ। 

ਪਰ ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਉੱਥੇ ਸੋਸ਼ਲ ਮੀਡੀਆ 'ਤੇ ਇਹ ਵਰਗ ਕਰਤਾਰਪੁਰ ਲਾਂਘੇ ਖਿਲਾਫ ਵੀ ਇਕ ਮਾਹੌਲ ਸਿਰਜ ਰਿਹਾ ਹੈ ਤੇ ਪਾਕਿਸਤਾਨ ਨਾਲ ਹਰ ਤਰ੍ਹਾਂ ਦੀ ਸਾਂਝ ਖਤਮ ਕਰਨ ਦੀ ਗੱਲ ਕਰਕੇ ਕਰਤਾਰਪੁਰ ਲਾਂਘੇ ਤੋਂ ਭਾਰਤ ਸਰਕਾਰ ਨੂੰ ਪਿੱਛੇ ਹਟਣ ਲਈ ਕਿਹਾ ਜਾ ਰਿਹਾ ਹੈ।