ਵਿਧਾਨ ਸਭਾ ਵਿਚ ਨਕੋਦਰ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਕਾਂਗਰਸੀਆਂ ਨੇ ਕੀਤਾ ਵਿਰੋਧ

ਵਿਧਾਨ ਸਭਾ ਵਿਚ ਨਕੋਦਰ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਕਾਂਗਰਸੀਆਂ ਨੇ ਕੀਤਾ ਵਿਰੋਧ

ਚੰਡੀਗੜ੍ਹ: 1986 ਵਿਚ ਨਕੋਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ 'ਤੇ ਪੁਲਿਸ ਵਲੋਂ ਚਲਾਈ ਗੋਲੀ ਵਿਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਦੇਣ ਦਾ ਮਤਾ ਜਦੋਂ ਬੀਤੇ ਕਲ੍ਹ ਪੰਜਾਬ ਵਿਧਾਨ ਸਭਾ ਵਿਚ ਲਿਆਂਦਾ ਗਿਆ ਤਾਂ ਪੰਜਾਬ ਦੀ ਮੋਜੂਦਾ ਸੱਤਾਧਿਰ ਕਾਂਗਰਸ ਦੇ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ। 

ਇਹ ਮਤਾ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਲਿਆਂਦਾ ਗਿਆ ਸੀ। ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ 1986 ਵਿਚ ਅਕਾਲੀ ਸਰਕਾਰ ਵੇਲੇ ਵਾਪਰੇ ਇਸ ਹਾਦਸੇ ਦਾ ਇਨਸਾਫ ਅੱਜ ਤਕ ਨਹੀਂ ਮਿਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਬੋਲਦਿਆਂ ਸ਼ਹੀਦ ਹੋਏ ਨੌਜਵਾਨਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਹੈ। ਪਰ ਕਾਂਗਰਸੀ ਵਿਧਾਇਕਾਂ ਵਲੋਂ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਇਹ ਮਾਮਲਾ ਬਹੁਤ ਪੁਰਾਣਾ ਹੋ ਚੁੱਕਿਆ ਹੈ।

ਇਸ ਸਬੰਧੀ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜਿਹੜਾ ਪਾਪ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਸੀ ਉਸ 'ਤੇ ਕਾਂਗਰਸੀ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਇਸ ਮਾਮਲੇ ਨੂੰ ਜ਼ੋਰ ਨਾਲ ਚੁੱਕਣਗੇ ਤੇ ਇਨਸਾਫ ਲਈ ਅਵਾਜ਼ ਬੁਲੰਦ ਕਰਨਗੇ।

ਜ਼ਿਕਰਯੋਗ ਹੈ ਕਿ ਨਕੋਦਰ ਸਾਕੇ ਦੀ ਜਾਂਚ ਲਈ 1986 ਵਿਚ ਬਣਾਏ ਗਏ ਜੱਜ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਸਰਕਾਰ ਵਲੋਂ ਅੱਜ ਤਕ ਜਨਤਕ ਨਹੀਂ ਕੀਤੀ ਗਈ। ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਵਿਧਾਨ ਸਭਾ ਵਿਚ ਵੀ ਉੱਠ ਚੁੱਕੀ ਹੈ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ।