ਪੁਲਵਾਮਾ ਹਮਲੇ ਵਿਚ ਕਤਲ ਹੋਏ ਪੰਜਾਬ ਦੇ ਚਾਰ ਜਵਾਨਾਂ ਦਾ ਕੀਤਾ ਗਿਆ ਅੰਤਿਮ ਸੰਸਕਾਰ

ਪੁਲਵਾਮਾ ਹਮਲੇ ਵਿਚ ਕਤਲ ਹੋਏ ਪੰਜਾਬ ਦੇ ਚਾਰ ਜਵਾਨਾਂ ਦਾ ਕੀਤਾ ਗਿਆ ਅੰਤਿਮ ਸੰਸਕਾਰ

ਚੰਡੀਗੜ੍ਹ: ਪੁਲਵਾਮਾ ਵਿਖੇ ਹੋਏ ਹਮਲੇ ਵਿਚ ਮਾਰੇ ਗਏ ਭਾਰਤੀ ਸੀਆਰਪੀਐਫ ਦੇ ਜਵਾਨਾਂ ਵਿਚੋਂ ਪੰਜਾਬ ਨਾਲ ਸਬੰਧਿਤ ਜਵਾਨਾਂ ਦਾ ਅੱਜ ਉਨ੍ਹਾਂ ਦੇ ਪਿੰਡਾਂ ਵਿਖੇ ਰਾਜਸੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਨੀਤਕ ਆਗੂਆਂ ਵਲੋਂ ਵੀ ਇਹਨਾਂ ਅੰਤਿਮ ਸੰਸਕਾਰਾਂ ਵਿਚ ਸ਼ਮੂਲੀਅਤ ਕੀਤੀ ਗਈ। 

ਜੈਮਲ ਸਿੰਘ ਦਾ ਘਲੌਟੀ ਖੁਰਦ ਵਿਖੇ ਹੋਇਆ ਅੰਤਿਮ ਸੰਸਕਾਰ
ਮੋਗਾ:
ਪੁਲਵਾਮਾ ਹਮਲੇ ਵਿਚ ਮਾਰੇ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਘਲੌਟੀ ਖੁਰਦ ਦੇ ਜੈਮਲ ਸਿੰਘ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਿਲ ਹੋਏ। 

ਅੰਤਿਮ ਸੰਸਕਾਰ ਮੌਕੇ ਭਾਰਤ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਥਾਨਕ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਬਾਦਲ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ, ਤੋਤਾ ਸਿੰਘ ਵੀ ਪਹੁੰਚੇ ਹੋਏ ਸਨ। 

ਜ਼ਿਕਰਯੋਗ ਹੈ ਕਿ ਜਿਹੜੀ ਬੱਸ ਵਿਚ ਧਮਾਕਾ ਹੋਇਆ ਜੈਮਲ ਸਿੰਘ ਉਸ ਬੱਸ ਦਾ ਡਰਾਈਵਰ ਸੀ। ਜੈਮਲ ਸਿੰਘ ਦੇ ਪਿੱਛੇ ਪਰਿਵਾਰ ਵਿਚ ਮਾਂ-ਬਾਪ, ਭਰਾ, ਪਤਨੀ ਅਤੇ ਪੰਜ ਸਾਲਾਂ ਦਾ ਪੁੱਤਰ ਰਹਿ ਗਏ ਹਨ। 

ਕੁਲਵਿੰਦਰ ਸਿੰਘ ਦਾ ਪਿੰਡ ਰੌਲੀ ਵਿਚ ਕੀਤਾ ਗਿਆ ਅੰਤਿਮ ਸੰਸਕਾਰ
ਰੂਪਨਗਰ:
ਜਵਾਨ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਰੌਲੀ ਵਿਖੇ ਕੀਤਾ ਗਿਆ। ਕੁਲਵਿੰਦਰ ਸਿੰਘ ਸੀਆਰਪੀਐਫ ਵਿਚ ਸਿਪਾਹੀ ਸੀ। ਉਸਦੇ ਪਿੱਛੇ ਪਰਿਵਾਰ ਵਿਚ ਉਸਦੀ ਮਾਂ ਤੇ ਪਿਓ ਹੀ ਰਹਿ ਗਏ ਹਨ। 

ਅੰਤਿਮ ਸੰਸਕਾਰ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਬਾਦਲ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ। 

ਮਨਿੰਦਰ ਸਿੰਘ ਦਾ ਦੀਨਾਨਗਰ ਵਿਖੇ ਹੋਇਆ ਅੰਤਿਮ ਸੰਸਕਾਰ
ਗੁਰਦਾਸਪੁਰ:
ਪੁਲਵਾਮਾ ਹਮਲੇ ਵਿਚ ਮਾਰੇ ਗਏ ਦੀਨਾਨਗਰ ਦੇ 28 ਸਾਲਾ ਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦਾ ਰਿਹਾਇਸ਼ੀ ਇਲਾਕੇ ਆਰਿਆ ਨਗਰ ਵਿਖੇ ਕੀਤਾ ਗਿਆ। ਮਨਿੰਦਰ ਦੇ ਪਰਿਵਾਰ ਵਿਚ ਪਿਛੇ ਪਿਤਾ, ਤਿੰਨ ਭੈਣਾਂ ਅਤੇ ਭਰਾ ਰਹਿ ਗਏ ਹਨ। 

ਅੰਤਿਮ ਸੰਸਕਾਰ ਵਿਚ ਪੰਜਾਬ ਦੇ ਆਵਾਜਾਈ ਮੰਤਰੀ ਅਤੇ ਸਥਾਨਕ ਵਿਧਾਇਕ ਅਰੁਣਾ ਚੌਧਰੀ ਅਤੇ ਸਾਬਕਾ ਮੰਤਰੀ ਮੋਹਨ ਲਾਲ ਸ਼ਾਮਿਲ ਹੋਏ।

ਸੁਖਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਗੰਡੀਵਿੰਡ ਵਿਖੇ ਕੀਤਾ ਗਿਆ
ਤਰਨਤਾਰਨ: 35 ਸਾਲਾ ਸੁਖਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਗੰਡੀਵਿੰਡ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਪੰਜਾਬ ਦੇ ਮੰਤਰੀ ਸੁਖਬਿੰਦਰ ਸਿੰਘ ਸੁੱਖਸਰਕਾਰੀਆ ਨੇ ਵੀ ਸ਼ਮੂਲੀਅਤ ਕੀਤੀ।