ਕਿਤਾਬਾਂ ਰੱਖਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਖਿਲਾਫ ਸਿੱਖ ਨੌਜਵਾਨਾਂ ਨੇ ਹਾਈ ਕੋਰਟ ਵਿਚ ਪਾਈ ਅਪੀਲ

ਕਿਤਾਬਾਂ ਰੱਖਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਖਿਲਾਫ ਸਿੱਖ ਨੌਜਵਾਨਾਂ ਨੇ ਹਾਈ ਕੋਰਟ ਵਿਚ ਪਾਈ ਅਪੀਲ

ਚੰਡੀਗੜ੍ਹ: ਨਵਾਂਸ਼ਹਿਰ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸ਼ਹੀਦ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਦੀਆਂ ਛਾਪਾਂ,ਨਿਰੰਕਾਰੀ ਕਾਂਡ 1978 ‘ਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਅਤੇ ਇੱਕ ਮੋਬਾਈਲ ਫੋਨ(ਸੈਮਸੰਗ) ਦੀ ਬਰਾਮਦਗੀ ਦੇ ਅਧਾਰ ‘ਤੇ ਰਾਜ ਵਿਰੁੱਧ ਜੰਗ ਵਿੱਢਣ ਦਾ ਦੋਸ਼ੀ ਐਲਾਨਦਿਆਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਖਿਲਾਫ ਬੀਤੇ ਕਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਦਰਜ ਕੀਤੀ ਗਈ ਹੈ। 

ਉਪਰੋਕਤ ਤਿੰਨ ਨੌਜਵਾਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਰਾਹੀਂ ਦਰਜ ਕਰਾਈ ਅਪੀਲ ਵਿਚ ਕਿਹਾ ਹੈ ਕਿ ਉਨ੍ਹਾਂ ਖਿਲਾਫ ਲਾਇਆ ਗਿਆ ਦੋਸ਼ ਬੇਬੁਨਿਆਦ ਹੈ। ਇਸ ਅਪੀਲ 'ਤੇ ਅਗਲੇ ਹਫਤੇ ਸੁਣਵਾਈ ਹੋ ਸਕਦੀ ਹੈ। 

ਜ਼ਿਕਰਯੋਗ ਹੈ ਕਿ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਪੰਜਾਬ ਪੁਲਿਸ ਨੇ 2016 ਵਿਚ ਗ੍ਰਿਫਤਾਰ ਕੀਤਾ ਸੀ ਤੇ ਉਸ ਸਮੇਂ ਤੋਂ ਇਹ ਨੌਜਵਾਨ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹਨ। 

ਪੁਲਸ ਦੀ ਕਹਾਣੀ ਮੁਤਾਬਕ “24 ਮਈ 2016 ਨੂੰ ਸੀਨੀਅਰ ਇੰਸਪੈਕਟਰ ਗੁਰਦਿਆਲ ਸਿੰਘ ਹੋਰ ਪੁਲਸ ਮੁਲਾਜ਼ਮਾਂ ਨਾਲ ਜਾਡਲਾ ਸੜਕ, ਰਾਹੋਂ ਵਿਖੇ ਗਸ਼ਤ ਕਰ ਰਿਹਾ ਸੀ ਜਿੱਥੇ ਡੀਐਸਪੀ ਮੁਖਤਿਆਰ ਰਾਏ ਆਪਣੇ ਬੰਦੂਕਚੀ ਅਤੇ ਹੋਰਨਾਂ ਪੁਲਸ ਮੁਲਾਜ਼ਮਾਂ ਨਾਲ ਪਹੁੰਚਿਆ ਅਤੇ ਉਹਨਾਂ ਨਾਲ ਜੁੜ ਗਿਆ। ਇਸ ਮਗਰੋਂ ਉਸ ਥਾਂ ‘ਤੇ ਨਾਕਾ ਲਾਇਆ ਗਿਆ ਅਤੇ 10:18 ਤੇ ਉਸਨੂੰ ਇੱਕ ਗੁਪਤ ਜਾਣਕਾਰੀ ਹਾਸਲ ਹੋਈ ਕਿ ਪਿੰਡ ਪੱਲੀਆਂ ਖੁਰਦ ਦਾ ਰਹਿਣ ਵਾਲਾ ਅਰਵਿੰਦਰ ਸਿੰਘ ਸਿੱਖ ਜਥੇਬੰਦੀ “ਬੱਬਰ ਖਾਲਸਾ” ਦਾ ਸਰਗਰਮ ਕਾਰਕੁੰਨ ਹੈ ਅਤੇ ਸੱਤ-ਅੱਠ ਮਹੀਨੇ ਪਹਿਲਾਂ ਦੋਹਾ ਕਤਰ ਤੋਂ ਵਾਪਸ ਪਰਤਿਆ ਹੈ।

ਪੁਲਸ ਦੀ ਕਹਾਣੀ ਮੁਤਾਬਕ “ਅਰਵਿੰਦਰ ਸਿੰਘ ਸਿੱਖ ਨੌਜਵਾਨਾਂ ਨੂੰ ਬੱਬਰ ਖਾਲਸਾ ‘ਚ ਭਰਤੀ ਹੋਣ ਲਈ ਉਕਸਾ ਰਿਹਾ ਸੀ ਅਤੇ ਭਾਰਤ ਵਿਰੁੱਧ ਜੰਗ ਵਿੱਢਣ ਦੀ ਵਿਉਂਤ ਘੜ ਰਿਹਾ ਸੀ।”

ਪੁਲਸ ਦਾ ਕਹਿਣਾ ਹੈ ਕਿ ਇਸ ਜਾਣਕਾਰੀ ਨੂੰ ਸਹੀ ਮੰਨਦਿਆਂ ਅਸੀਂ ਇਸਨੂੰ ਦਰਜ ਕੀਤਾ ਅਤੇ ਥਾਣੇ ਭੇਜਿਆ, ਜਿਸ ਅਧਾਰ ਉੱਤੇ ਐਫਆਈਆਂਰ ਦਰਜ ਕੀਤੀ ਗਈ ਅਤੇ ਇਸਦੀ ਜਾਂਚ ਡੀਐਸਪੀ ਮੁਖਤਿਆਰ ਰਾਏ ਵਲੋਂ ਆਪਣੇ ਹੱਥਾਂ ‘ਚ ਲੈ ਲਈ ਗਈ।

ਪੁਲਸ ਦਾ ਕਹਿਣਾ ਹੈ ਕਿ ਉਹਨਾਂ ਅਰਵਿੰਦਰ ਸਿੰਘ ਨੂੰ ਰਾਹੋਂ ਬੱਸ ਅੱਡੇ ਤੋਂ 25 ਮਈ 2016 ਨੂੰ ਗਿਰਫਤਾਰ ਕੀਤਾ, ਉਸ ਕੋਲੋਂ ਸੈਮਸੰਗ ਦਾ ਇੱਕ ਮੋਬਾਈਲ ਫੋਨ ਬਰਾਮਦ ਹੋਇਆ।

ਪੁਲਸ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਨੇ ਰਣਜੀਤ ਸਿੰਘ ਨਾਲ ਰਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ‘ਤੇ ਖਾਲਿਸਤਾਨ ਬਾਰੇ ਜਾਣਕਾਰੀ ਦਿੰਦੇ ਪੋਸਟਰ ਲਾਏ।

ਪੁਲਸ ਅਨੁਸਾਰ ਰਣਜੀਤ ਸਿੰਘ ਪਾਸੋਂ 2 ਬੋਰਡ ਅਤੇ ਸਾਕਾ ਨੀਲਾ ਤਾਰਾ ਦੀਆਂ 10 ਕਿਤਾਬਾਂ ਬਰਾਮਦ ਹੋਈਆਂ।

ਗਿਰਫਤਾਰ ਕੀਤੇ ਗਏ ਨੌਜਵਾਨਾਂ ਨੇ ਪੁਲਸ ਅਤੇ ਸਰਕਾਰੀ ਵਕੀਲਾਂ ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ।

ਪੁਲਸ ਵਲੋਂ ਇਸ ਮਾਮਲੇ ਵਿਚ 97 ਕਿਤਾਬਾਂ, 198 ਤਸਵੀਰਾਂ, ਨਿਰੰਕਾਰੀ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ(13) ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਨਾਲ ਸੰਬੰਧਤ ਹਜਾਰ ਕਿਤਾਬਾਂ ਬਰਾਮਦ ਕੀਤੀਆਂ ਗਈਆਂ।

ਇਸ ਮੁਕੱਦਮੇ ਦੇ ਸਾਰੇ ਸਰਕਾਰੀ ਗਵਾਹ ਪੁਲਸ ਮੁਲਾਜ਼ਮ ਹਨ, ਅਦਾਲਤੀ ਫੈਸਲੇ ‘ਚ ਗਵਾਹਾਂ ਦੇ ਨਾਂ – ਪ੍ਰੇਮ ਕੁਮਾਰ, ਦਲਜੀਤ ਸਿੰਘ, ਜਰਨੈਲ ਸਿੰਘ, ਸੁਧੀਰ ਕੁਮਾਰ, ਸੁਖਵਿੰਦਰ ਸਿੰਘ, ਦਲਬੀਰ ਸਿੰਘ ਵਿਰਕ, ਗਗਨਦੀਪ ਸਿੰਘ, ਅਮਰਜੋਤੀ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਬੱਗਾ ਸਿੰਘ, ਸੁਨੀਲ ਕੁਮਾਰ, ਰਾਮ ਪਾਲ, ਸੋਢੀ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ, ਗੁਰਦਿਆਲ ਸਿੰਘ, ਵੇਦਪ੍ਰਕਾਸ਼, ਮੋਹਿੰਦਰਪਾਲ ਸਿੰਘ, ਡੀਐਸਪੀ ਮੁਖਤਿਆਰ ਸਿੰਘ ਦਰਜ ਹਨ।

5 ਫਰਵਰੀ ਨੂੰ ਇਹਨਾਂ ਸਾਰੇ ਤੱਥਾਂ ਦੇ ਅਧਾਰ 'ਤੇ ਨਵਾਂਸ਼ਹਿਰ ਅਦਾਲਤ ਨੇ ਤਿੰਨਾਂ ਸਿੱਖਾਂ {ਅਰਵਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ} ਨੂੰ ਧਾਰਾ121 ਅਧੀਨ ਉਮਰਕੈਦ ਅਤੇ ਇੱਕ ਲੱਖ ਰਪਏ ਜੁਰਮਾਨਾ ਅਤੇ ਧਾਰਾ 121ਏ ਦੇ ਅਧੀਨ ਦੱਸ ਸਾਲ ਦੀ ਕੈਦ ਦੇ ਨਾਲ 25000 ਰੁਪਏ ਜੁਰਮਾਨਾ ਸਜ਼ਾ ਸੁਣਾ ਦਿੱਤੀ।