ਮਾਂ ਬੋਲੀ ਦਾ ਸਤਿਕਾਰ ਕਰਦੀ ਪੰਜਾਬੀ ਫਿਲਮ 'ਊੜਾ ਐੜਾ'

ਮਾਂ ਬੋਲੀ ਦਾ ਸਤਿਕਾਰ ਕਰਦੀ ਪੰਜਾਬੀ ਫਿਲਮ 'ਊੜਾ ਐੜਾ'

ਸੁਰਜੀਤ ਜੱਸਲ
(ਸੰਪਰਕ : 98146-07737)


ਆਧੁਨਿਕਤਾ ਦੇ ਦੌਰ ਵਿਚ ਸਿੱਖਿਆ ਦੇ ਵਪਾਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਪਛਾੜ ਕੇ ਰੱਖ ਦਿੱਤਾ ਹੈ। ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਕੌਨਵੈਂਂਟ ਸਕੂਲਾਂ ਵਿਚ ਪੜ੍ਹਾਉਣ ਨੂੰ ਪਹਿਲ ਦਿੰਦੇ ਹਨ, ਜਿੱਥੇ ਪਹਿਲੇ ਹੀ ਦਿਨ ਪੰਜਾਬੀ ਬੋਲੀ ਦਾ ਗਲਾ ਘੋਟ ਦਿੱਤਾ ਜਾਂਦਾ ਹੈ। ਇਸ ਵੇਲੇ ਸਕੂਲੀ ਵਿੱਦਿਆ ਦਾ ਮਹਿੰਗੇ ਹੋਣਾ ਵੱਡੀ ਸਮੱਸਿਆ ਹੈ ਜਿਸ ਨਾਲ ਸਮਾਜ ਦਾ ਹਰੇਕ ਵਰਗ ਜੂਝ ਰਿਹਾ ਹੈ। ਅਜਿਹੇ ਸਮਾਜਿਕ ਮੁੱਦਿਆਂ ਨੂੰ ਸਿਨੇਮਾ ਦੇ ਮਾਧਿਆਮ ਰਾਹੀਂ ਮਨੋਰੰਜਨ ਜ਼ਰੀਏ ਲੋਕ ਆਵਾਜ਼ ਬਣਾਉਣਾ ਚੰਗੀ ਪਹਿਲਕਦਮੀ ਹੈ।
ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼, ਸ਼ਿਤਿਜ ਚੌਧਰੀ ਫ਼ਿਲਮਜ਼ ਅਤੇ ਨਰੇਸ਼ ਕਥੂਰੀਆ ਫ਼ਿਲਮਜ਼ ਦੇ ਬੈਨਰ ਦੀ ਪੰਜਾਬੀ ਫ਼ਿਲਮ 'ਊੜਾ ਐੜਾ' ਅਜੋਕੇ ਦੌਰ ਦੀ ਸਿੱਖਿਆ ਪ੍ਰਣਾਲੀ ਤੇ ਮਾਂ ਬੋਲੀ ਦੇ ਘਟਦੇ ਸਤਿਕਾਰ 'ਤੇ ਚਿੰਤਾ ਪ੍ਰਗਟਾਉਂਦੀ ਵਿਅੰਗਮਈ ਕਾਮੇਡੀ ਫ਼ਿਲਮ ਹੈ। ਇਹ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦਿੰਦੀ ਹੈ। ਇਹ ਫ਼ਿਲਮ ਪੰਜਾਬ ਦੇ ਡਿਜੀਟਲ ਹੋ ਰਹੇ ਵਿੱਦਿਅਕ ਅਦਾਰਿਆਂ ਦੀ ਕਾਰਜ ਪ੍ਰਣਾਲੀ ਤੇ ਮਹਿੰਗੇ ਸਕੂਲਾਂ ਵਿਚ ਬੱਚੇ ਪੜ੍ਹਾਉਣ ਦੀ ਦੌੜ ਨੂੰ ਵਿਅੰਗਮਈ ਤਰੀਕੇ ਨਾਲ ਪੇਸ਼ ਕਰਦੀ ਹੈ। ਇਹ ਵੀ ਸੱਚ ਹੈ ਕਿ ਮਹਿੰਗੇ ਸਕੂਲਾਂ ਦੇ ਖ਼ਰਚੇ ਝੱਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਜਿੱਥੇ ਮਾਪਿਆਂ ਦੀਆਂ ਮਜਬੂਰੀਆਂ, ਮਾਨਸਿਕਤਾ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਵਿਚਲੀ ਹੀਣ ਭਾਵਨਾ ਦੀ ਕਹਾਣੀ ਪੇਸ਼ ਕਰਦੀ ਹੈ ਉੱਥੇ ਮਾਂ ਬੋਲੀ ਤੋਂ ਦੂਰ ਹੋ ਕੇ ਅੰਗਰੇਜ਼ੀ ਬੋਲੀ ਨੂੰ ਦਿੱਤੀ ਜਾ ਰਹੀ ਪਹਿਲ ਦੀ ਤ੍ਰਾਸਦੀ ਵੀ ਬਿਆਨ ਕਰਦੀ ਹੈ।
ਇਸ ਵਿਚ ਤਰਸੇਮ ਜੱਸੜ, ਨੀਰੂ ਬਾਜਵਾ, ਬੀਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਦੀ ਕਹਾਣੀ ਤੇ ਪਟਕਥਾ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਦਿੱਤਾ ਹੈ। ਫ਼ਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਦੱਸਿਆ ਕਿ ਇਹ ਫ਼ਿਲਮ ਮਨੋਰੰਜਨ ਭਰਪੂਰ ਕਹਾਣੀ ਦਾ ਆਧਾਰ ਹੈ ਜੋ ਸਮਾਜਿਕ ਮੁੱਦਿਆਂ ਦੀ ਗੱਲ ਕਰਦੀ ਹੋਈ ਸਾਰਥਿਕ ਕਾਮੇਡੀ ਤੇ ਸੰਗੀਤਮਈ ਮਨੋਰੰਜਨ ਦਾ ਸੁਮੇਲ ਹੈ। ਇਸ ਰਾਹੀਂ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਅਤੇ ਸਤਿਕਾਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ਗਿਆ ਹੈ। ਫ਼ਿਲਮ ਦਾ ਨਿਰਮਾਣ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਨੇ ਮਿਲ ਕੇ ਕੀਤਾ ਹੈ।