ਜੱਜ ਰਿਕਾਰਡੋ ਕਾਰਡੋਵਾ ਵਲੋਂ ਸੰਦੀਪ ਸਿੰਘ ਨਿਰਦੋਸ਼ ਕਰਾਰ (ਜੱਜ ਨੇ ਸਾਰੇ ਰਿਕਾਰਡ ਸੀਲ ਕਰਨ ਦੇ ਦਿੱਤੇ ਹੁਕਮ)

ਜੱਜ ਰਿਕਾਰਡੋ ਕਾਰਡੋਵਾ ਵਲੋਂ ਸੰਦੀਪ ਸਿੰਘ ਨਿਰਦੋਸ਼ ਕਰਾਰ (ਜੱਜ ਨੇ ਸਾਰੇ ਰਿਕਾਰਡ ਸੀਲ ਕਰਨ ਦੇ ਦਿੱਤੇ ਹੁਕਮ)
ਜੱਜ ਰਿਕਾਰਡੋ ਕਾਰਡੋਵਾ ਵਲੋਂ ਸੰਦੀਪ ਸਿੰਘ ਨਿਰਦੋਸ਼ ਕਰਾਰ

ਮਡੈਸਟੋ: ਅੱਜ ਜੱਜ ਰਿਕਾਰਡੋ ਕਾਰਡੋਵਾ ਨੇ ਸੰਦੀਪ ਸਿੰਘ ਤੇ ਲੱਗੇ ਨਜ਼ਾਇਜ ਦੋਸ਼ਾਂ ਨੂੰ ਬਰਖਾਸਤ ਕਰਦੇ ਹੋਏ ਕਿਹਾ ਕਿ ਸੰਦੀਪ ਸਿੰਘ ਨਿਰਦੋਸ਼ ਹੈ। ਜੱਜ ਨੇ ਇਸ ਕੇਸ ਨਾਲ ਸਬੰਧਤ ਸਾਰੇ ਰਿਕਾਰਡ ਸੀਲ ਕਰਨ ਦਾ ਹੁਕਮ ਵੀ ਦਿੱਤਾ ਕਿਉਂਕਿ ਇਸ ਕੇਸ ਵਿੱਚ ਪੀੜਤ ਨੇ ਮੰਨਿਆ ਕਿ ਉਸਨੇ ਇਹ ਕਹਾਣੀ ਆਪ ਹੀ ਝੂਠੀ ਘੜੀ ਸੀ। 

ਅਦਾਲਤ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਰਕਾਰੀ ਵਕੀਲ ਨੇ ਸੰਦੀਪ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਡੂੰਘੀ ਜਾਂਚ ਕਰਨ, ਚਰਚ ਦੀ ਨਿਗਰਾਨੀ ਵੀਡੀਓ ਅਤੇ ਪੀੜਿਤ ਦੇ ਬਿਆਨਾ ਤੋਂ ਪਤਾ ਲੱਗਿਆ ਕਿ ਉਸਨੇ ਝੂਠ ਬੋਲਿਆ ਸੀ ਤੇ ਇਹ ਕਹਾਣੀ ਉਸਨੇ ਆਪ ਹੀ ਘੜੀ ਸੀ। ਇਸ ਲਈ ਅਸੀਂ ਆਪਣਾ ਕੇਸ ਵਾਪਿਸ ਲੈਂਦੇ ਹਾਂ। 

ਮਡੈਸਟੋ ਪੁਲਿਸ ਨੇ 26 ਜੂਨ 2018 ਨੂੰ ਅਚਨਚੇਤ ਹੀ ਸ਼ਾਪਿੰਗ ਕਰਕੇ ਆ ਰਹੇ ਸੰਦੀਪ ਸਿੰਘ ਨੂੰ ਇੱਕ 14 ਸਾਲਾ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਸੰਦੀਪ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਉਹ ਤਾਂ ਪਿਛਲੇ 20-25 ਮਿੰਟ ਤੋਂ ਲਗਾਤਾਰ ਟੈਲੀਫ਼ੋਨ 'ਤੇ ਗੱਲ ਕਰ ਰਿਹਾ ਹੈ ਪਰ ਪੁਲਿਸ ਨੇ ਉਸਦੀ ਇੱਕ ਨਾਂ ਸੁਣੀ। ਸੰਦੀਪ ਸਿੰਘ ਅੰਮ੍ਰਿਤਧਾਰੀ ਸਿੰਘ ਹੈ। 

ਪੀੜਤ ਕੁੜੀ ਨੇ ਜਿਸ ਸੜਕ 'ਤੇ ਘਟਨਾ ਹੋਣ ਬਾਰੇ ਕਿਹਾ ਸੀ ਉੱਥੇ ਇੱਕ ਚਰਚ ਵੀ ਹੈ ਜਿਸਦਾ ਇੱਕ ਕੈਮਰਾ ਸੜਕ ਵੱਲ ਹੈ। ਉਸ ਕੈਮਰੇ ਵਿੱਚ ਐਨ ਉਸੇ ਮੌਕੇ ਉਹ ਲੜਕੀ ਇੱਕ ਸੜਕ ਦੇ ਪਾਸੇ ਅਰਾਮ ਨਾਲ ਜਾ ਰਹੀ ਹੈ ਤੇ ਦੂਜੇ ਪਾਸੇ ਸੰਦੀਪ ਦੀ ਕਾਰ ਲੰਘ ਰਹੀ ਹੈ। 
ਕਾਰ ਬਿਲਕੁਲ ਆਮ ਸਪੀਡ ਤੇ ਤੁਰੀ ਜਾ ਰਹੀ ਹੈ ਜਦੋਂ ਕਿ ਲੜਕੀ ਨੇ ਕਿਹਾ ਸੀ ਸੰਦੀਪ ਨੇ ਕਾਰ ਰੋਕ ਕੇ ਉਸਨੂੰ ਕੁੱਟ-ਮਾਰ ਕੇ ਕਾਰ ਅੰਦਰ ਸੁੱਟਣ ਦੀ ਕੋਸ਼ਿਸ਼ ਕੀਤੀ। 

ਅਚੰਭੇ ਦੀ ਗੱਲ ਇਹ ਹੈ ਕਿ ਚਰਚ ਨੇ ਪੁਲਿਸ ਨੂੰ ਵੀ ਵੀਡੀਉ ਦਿੱਤੀ ਸੀ ਪਰ ਪੁਲਿਸ ਨੇ ਸ਼ਨਾਖ਼ਤ ਕਰਨ ਵਿੱਚ ਅਣਗਹਿਲੀ ਵਰਤੀ ਜਿਸ ਨਾਲ ਸੰਦੀਪ ਦੇ ਨਾਲ ਕਮਿਊਨਿਟੀ ਦੀ ਵੀ ਬਦਨਾਮੀ ਹੋਈ। ਸੰਦੀਪ ਦੇ ਵਕੀਲ ਕਰਕ ਮੈਕਲਿਸਟਰ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦੇ ਕਿਹਾ ਕਿ ਸੰਦੀਪ ਵਿਰੁੱਧ ਇੱਕ ਵੀ ਸਬੂਤ ਨਹੀਂ ਸੀ, ਚਰਚ ਦੀ ਵੀਡੀਉ ਵੀ ਸਾਫ਼ ਸੀ ਪਰ ਪੀੜਿਤ ਨੇ ਵੀ ਡਿਸਟ੍ਰਿਕਟ ਅਟਾਰਨੀ ਨੂੰ ਆਕੇ ਸੱਚ ਦੱਸ ਦਿੱਤਾ ਕਿ ਉਸਨੇ ਆਪ ਹੀ ਕਹਾਣੀ ਘੜੀ ਸੀ ਕਿਉਂਕਿ ਉਹ ਮਤਰੇਈ ਮਾਂ ਤੋਂ ਖਹਿੜਾ ਛੁਡਾ ਕੇ ਆਪਣੀ ਮਾਂ ਕੋਲ ਐਰੀਜੋਨਾ ਜਾਣਾ ਚਾਹੁੰਦੀ ਸੀ। 
ਇਸ ਲਈ ਜੱਜ ਨੇ ਸਿਰਫ ਕੇਸ ਡਿਸਮਿਸ ਹੀ ਨਹੀਂ ਕੀਤਾ ਸਗੋਂ ਸੰਦੀਪ ਨੂੰ ਨਿਰਦੋਸ਼ ਕਰਾਰ ਦਿੱਤਾ ਹੈ।

 ਸੰਦੀਪ ਸਿੰਘ ਨੇ ਕਿਹਾ ਕਿ ਵਾਹਿਗੁਰੂ ਨੇ ਸੱਚ ਸਾਹਮਣੇ ਲਿਆਂਦਾ ਹੈ ਤੇ ਮੈ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹਨਾਂ ਨੇ ਇਸ ਘਟਨਾ ਵੇਲੇ ਮੇਰੇ 'ਤੇ ਵਿਸ਼ਵਾਸ ਕਰਕੇ ਸਾਥ ਦਿੱਤਾ ਪਰ ਉਹਨਾਂ ਕੁੱਝ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹਾਂ ਜਿਹਨਾਂ ਨੇ ਪਿਛਲੇ 6 ਮਹੀਨੇ ਕੇਸ ਦੇ ਫੈਸਲੇ ਤੋਂ ਪਹਿਲਾਂ ਇਲਜ਼ਾਮਤਰਾਸ਼ੀ ਕੀਤੀ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਜੁੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂ ਇਸ ਤਰਾਂ ਦੀ ਬਿਆਨਬਾਜੀ ਨਾਲ ਕੌਮੀ ਤੌਰ 'ਤੇ ਵੀ ਨੁਕਸਾਨ ਹੁੰਦਾ ਹੈ।